"ਹੀਰਾ ਬੰਦਾ ਸੀ ਸਾਡਾ ਯਾਰ, ਸਾਡੀਆਂ ਹੀ ਨਜ਼ਰਾਂ ਲੱਗ ਗਈਆਂ"
ਸ਼ੁੱਕਰਵਾਰ ਦੀ ਸ਼ਾਮ ਸੀ। ਮੈਲਬੌਰਨ ਦੇ Cranbourne East ਦਾ ਰਹਿਣ ਵਾਲਾ 27 ਸਾਲਾਂ ਸਾਹਿਲ ਛੁੱਟੀ ਮਨਾ ਰਿਹਾ ਸੀ। ਪਰਿਵਾਰਕ ਦੋਸਤਾਂ ਦਾ ਫੋਨ ਆਇਆ, ਚਲੋ ਬੀਚ 'ਤੇ ਹੀ ਜਾ ਆਈਏ। ਬੱਸ ਉਹ ਕੁਹਲਿਣਾ ਪਲ, ਜਦੋਂ ਸਾਹਿਲ ਘਰੋਂ ਨਿਕਲਿਆ, ਪਰ ਘਰ ਵਾਪਸ ਨਹੀਂ ਪਰਤਿਆ।
Dandenong 'ਚ ਰਹਿਣ ਵਾਲੇ ਸਾਹਿਲ ਦੇ ਦੋਸਤ ਗੌਰਵ ਨੇ ਰੇਡੀਓ ਹਾਂਜੀ ਨਾਲ ਗੱਲ ਕਰਦਿਆਂ ਗਮਗੀਨ ਅੰਦਾਜ਼ 'ਚ ਦੱਸਿਆ, ਕਿ ਸ਼ਾਇਦ ਉਸ ਦੇ ਦੋਸਤਾਂ ਦੀਆਂ ਨਜ਼ਰਾਂ ਹੀ ਉਸ ਨੂੰ ਖਾ ਗਈਆਂ। "ਕਿੰਨਾ ਚੰਗਾ ਸੀ ਸਾਹਿਲ, ਕਿਸੇ ਨੂੰ ਮਦਦ ਲਈ ਇਨਕਾਰ ਨਹੀਂ ਕਰਦਾ। ਹੀਰਾ ਬੰਦਾ ਸੀ"
ਖ਼ਬਰ ਮੁਤਾਬਕ ਹਰਿਆਣਾ ਦੇ ਕਰਨਾਲ (ਪਿੰਡ ਕੈਮਲਾ) ਦਾ ਨੌਜਵਾਨ ਸਾਹਿਲ 12 ਜਨਵਰੀ ਨੂੰ ਆਪਣੇ ਦੋਸਤਾਂ ਨਾਲ ਵਿਕਟੋਰੀਆ ਦੇ Kilcunda Surf Beach 'ਤੇ ਗਿਆ ਸੀ। ਸਭ ਕੁਝ ਠੀਕ ਨਿਬੜ ਗਿਆ। ਸਾਰੇ ਵਾਪਸ ਘਰ ਮੁੜਨ ਹੀ ਲੱਗੇ ਸਨ ਕਿ, ਉੱਥੇ ਉਸ ਦਾ ਚਮਸ਼ਾ ਪਾਣੀ 'ਚ ਡਿੱਗ ਗਿਆ, ਜਿਵੇਂ ਹੀ ਉਸ ਨੇ ਝੁਕ ਕੇ ਚਸ਼ਮਾ ਚੁੱਕਣ ਦੀ ਕੋਸ਼ਿਸ਼ ਤਾਂ ਪਾਣੀ ਦੀ ਤੇਜ਼ ਲਹਿਰ ਆਈ ਅਤੇ ਸਾਹਿਲ ਨੂੰ ਆਪਣੇ ਨਾਲ ਸਮੁੰਦਰ ਦੀ ਡੂੰਘਾਈ 'ਚ ਖਿੱਚ ਕੇ ਲੈ ਗਈ। ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਧੁੰਦ ਅਤੇ ਹਨ੍ਹੇਰਾ ਇੰਨਾ ਜ਼ਿਆਦਾ ਸੀ ਕਿ ਸਾਹਿਲ ਦਾ ਕੁਝ ਪਤਾ ਨਹੀਂ ਲੱਗਾ।
ਕੁਝ ਘੰਟਿਆਂ ਬਾਅਦ ਉਸ ਦੀ ਲਾਸ਼ Bass Coast ਤੋਂ ਬਰਾਮਦ ਕੀਤੀ ਗਈ। ਤ੍ਰਾਸਦੀ ਇਹ ਸੀ ਕਿ ਚਾਰ ਸਾਲ ਪਹਿਲਾਂ ਹੀ ਸਾਹਿਲ ਨਾਲ ਵਿਆਹੀ ਅੰਨੂ (28) ਉਸ ਨਾਲ ਉਸ ਸ਼ਾਮ ਬੀਮਾਰ ਹੋਣ ਕਰਕੇ ਜਾ ਨਾ ਸਕੀ। ਖ਼ਾਲੀ ਹੱਥ, ਬਿਨਾਂ ਸਾਹਿਲ ਤੋਂ ਬਾਕੀ ਦੋਸਤ ਜਦੋਂ ਘਰ ਪਰਤੇ ਅਤੇ ਅੰਨੂ ਨੂੰ ਸਾਰੀ ਗੱਲ ਦੱਸੀ, ਤਾਂ ਉਹ ਸੁਧ ਬੁਧ ਖੋ ਬੈਠੀ। "ਵੀਰ ਜੀ ਮੇਰਾ ਸਾਹਿਲ ਮੈਂਨੂੰ ਵਾਪਸ ਲਿਆ ਕੇ ਦਿਓ" ਹੀ ਕਹਿੰਦੀ ਰਹੀ।
ਗੌਰਵ ਅਨੁਸਾਰ ਹਾਲੇ 5 ਮਹੀਨੇ ਪਹਿਲਾਂ ਹੀ ਉਸ ਨੂੰ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਮਿਲੀ ਸੀ। ਸਾਲ 2020 'ਚ ਉਸ ਦਾ ਪਾਣੀਪਤ ਦੇ ਗੁਢਾ ਪਿੰਡ ਦੀ ਅਨੂੰ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਹ ਕੋਵਿਡ ਦਰਮਿਆਨ ਆਸਟ੍ਰੇਲੀਆ ਨਾ ਆ ਸਕੀ, ਪਰ 2022 'ਚ ਸਾਹਿਲ, ਅਨੂੰ ਨੂੰ ਵੀ ਆਪਣੇ ਨਾਲ ਆਸਟ੍ਰੇਲੀਆ ਲੈ ਕੇ ਆ ਗਿਆ ਸੀ ਅਤੇ ਹਾਲੇ ਤਿੰਨ ਮਹੀਨੇ ਪਹਿਲਾਂ ਹੀ ਉਹਨਾਂ ਨੇ ਆਪਣਾ ਘਰ ਖਰੀਦਿਆ ਸੀ। ਕੈਬਿਨੇਟ ਮੇਕਰ ਦਾ ਕੰਮ ਕਰਦਾ ਸਾਹਿਲ ਭਾਰਤ ਵਿਚਲੇ ਆਪਣੇ ਘਰ ਦਾ ਬਹੁਤਾ ਖਰਚ ਵੀ ਖੁਦ ਹੀ ਚੁੱਕਦਾ ਸੀ।
ਅੰਨੂ ਦੀ ਹਾਲਤ ਠੀਕ ਨਾ ਵੇਖ ਕੇ ਦੋਸਤਾਂ ਨੇ ਖੁਦ ਓਸ ਨੂੰ ਅਗਲੇ ਦਿਨ ਦੀ ਭਾਰਤ ਦੀ ਟਿਕਟ ਕਰਕੇ ਨਾਲ ਲੈ ਉਸ ਨੂੰ ਚਲੇ ਗਏ। ਪਰ ਹੁਣ ਸਾਹਿਲ ਦੀ ਮ੍ਰਿਤਕ ਦੇਹ ਲੈ ਕੇ ਜਾਣ ਅਤੇ ਪਰਿਵਾਰ ਨੂੰ ਥੋੜ੍ਹੀ ਬਹੁਤ ਮਾਲੀ ਮਦਦ ਖਾਤਰ ਇੱਕ ਡੋਨੇਸ਼ਨ ਪੇਜ ਸ਼ੁਰੂ ਕੀਤਾ ਗਿਆ ਹੈ (ਕੁਮੈਂਟ ਸੈਕਸ਼ਨ ਵਿੱਚ)।
ਮਾਂ ਪਿਓ ਅਤੇ ਭੈਣਾਂ ਆਪਣੇ ਲਾਡਲੇ ਦੀ ਉਡੀਕ ਕਰ ਰਹੇ ਹਨ। ਬੱਸ ਹੱਥ ਲਾਸ਼ ਲੱਗੇਗੀ। ਇਸ ਤੋਂ ਅਭਾਗਾ ਕੀ ਹੋ ਸਕਦਾ। ਹੇਠਾਂ ਨੱਥੀ ਤਸਵੀਰ ਆਖਰੀ ਸ਼ਾਮ ਦੀ ਹੈ।