Melbourne 'ਚ ਇੱਕੋ ਪਰਿਵਾਰ ਨਾਲ ਸਬੰਧਿਤ ਚਾਰ ਜੀਆਂ ਦੀ ਮੌਤ ਨਾਲ ਜੁੜੀ ਦਰਦਨਾਕ ਕਹਾਣੀ
ਬੁੱਧਵਾਰ 24 ਜਨਵਰੀ ਦਾ ਦਿਨ ਸੀ। ਮੈਲਬੌਰਨ ਦਾ ਸਾਊਥ ਈਸਟ ਇਲਾਕਾ Clyde. ਅੰਕੁਰ ਛਾਬੜਾ ਅਤੇ ਅੰਮ੍ਰਿਤਾ ਛਾਬੜਾ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਸੀ। ਅੰਕੁਰ ਦੀ ਭੈਣ ਰੀਮਾ ਸੋਂਧੀ (43 ਸਾਲ) ਅਤੇ ਜੀਜਾ ਜੀ ਸੰਜੀਵ ਸੋਂਧੀ ਹਾਲੇ ਦੋ ਹਫ਼ਤੇ ਪਹਿਲਾਂ ਹੀ ਪੰਜਾਬ ਦੇ ਫਗਵਾੜਾ ਸ਼ਹਿਰ ਤੋਂ ਉਹਨਾਂ ਕੋਲ visitor visa 'ਤੇ ਆਸਟ੍ਰੇਲੀਆ ਘੁੰਮਣ ਆਏ ਸੀ। ਰੀਮਾ ਅਤੇ ਅੰਕੁਰ ਦਾ ਭਾਣਜਾ ਜਗਜੀਤ ਸ਼ਿਵਮ ਸਿੰਘ ਆਨੰਦ, ਜੋ ਕਿ ਹਾਲੇ ਆਸਟ੍ਰੇਲੀਆ ਵਿੱਚ ਪੱਕਾ ਹੀ ਹੋਇਆ ਸੀ। ਬਤੌਰ ਨਰਸ ਸ਼ਿਵਮ (23 ਸਾਲ) Albury ਹਸਪਤਾਲ 'ਚ ਕੰਮ ਕਰਦਿਆਂ ਕਈਆਂ ਦੀ ਜਾਨ ਬਚਾਉਣ 'ਚ ਸਹਾਈ ਰਿਹਾ, ਉਹ ਵੀ ਮੈਲਬੌਰਨ ਆਪਣੇ ਮਾਮਾ (ਅੰਕੁਰ ਛਾਬੜਾ)ਘੁੰਮਣ ਆ ਗਿਆ। ਕਿਉਂ ਕਿ ਬੜੇ ਚਿਰ ਬਾਅਦ ਉਸਦੀ ਮਾਸੀ (ਰੀਮਾ ਸੋਂਧੀ) ਨਾਲ ਮੁਲਾਕਾਤ ਹੋਣ ਜਾ ਰਹੀ ਸੀ।
ਸ਼ਿਵਮ ਦੀ ਭੈਣ ਸੁਹਾਣੀ ਆਨੰਦ (20 ਸਾਲ) ਹਾਲਾਂਕਿ ਮੈਲਬੋਰਨ 'ਚ ਹੀ ਰਹਿੰਦੀ ਸੀ ਅਤੇ ਸਟੂਡੈਂਟ ਵੀਜ਼ਾ 'ਤੇ ਉਹ ਵੀ ਨਰਸਿੰਗ ਦੀ ਹੀ ਪੜ੍ਹਾਈ ਕਰ ਰਹੀ ਸੀ। ਇਧਰੋਂ Clyde ਰਹਿੰਦੀ ਅੰਮ੍ਰਿਤਾ ਛਾਬੜਾ ਦੀ ਛੋਟੀ ਭੈਣ ਕੀਰਤੀ ਬੇਦੀ (20 ਸਾਲ) ਵੀ ਨਰਸਿੰਗ ਦੀ ਪੜ੍ਹਾਈ ਹੀ ਕਰ ਰਹੀ ਸੀ। ਸਾਰੇ ਪਰਿਵਾਰਕ ਮੈਂਬਰ ਬੁੱਧਵਾਰ ਨੂੰ ਘਰ ਤੋਂ ਕਰੀਬ 80 ਕਿਲੋਮੀਟਰ ਦੂਰ Phillip Island ਪਹੁੰਚੇ। ਜਿੱਥੇ ਬੀਚ 'ਤੇ ਗਏ 9 ਵਿੱਚੋਂ 4 ਮੈਂਬਰ ਪਾਣੀ ਵਿੱਚ ਹੜ੍ਹ ਤੁਰੇ। (ਪੂਰੀ ਘਟਨਾ ਸਾਡੀ ਪਿਛਲੀ ਪੋਸਟ 'ਚ ਪੜ੍ਹ ਸਕਦੇ ਹੋ)
ਕੈਨੇਡਾ ਰਹਿੰਦੀ ਅੰਮ੍ਰਿਤਾ ਅਤੇ ਕੀਰਤੀ ਦੀ ਭੈਣ ਆਰਤੀ ਬੇਦੀ ਨੇ ਰੋਂਦਿਆਂ ਹੋਇਆ ਰੇਡੀਓ ਹਾਂਜੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੀਰਤੀ ਹਾਲੇ ਪਿਛਲੇ ਵਰ੍ਹੇ ਹੀ ਜੂਨ ਮਹੀਨੇ ਵਿੱਚ ਸਟੂਡੈਂਟ ਵੀਜ਼ਾ 'ਤੇ ਆਈ ਸੀ। ਸ਼ੁੱਕਰਵਾਰ ਨੂੰ ਕੈਨੇਡਾ ਤੋਂ ਜਹਾਜ਼ ਚੜ੍ਹਦਿਆਂ ਆਸਟ੍ਰੇਲੀਆ ਆਉਣ ਲੱਗਿਆਂ ਆਰਤੀ ਨੇ ਇਹ ਵੀ ਦੱਸਿਆ ਕਿ ਉਹਨਾਂ ਚਾਰ ਭੈਣਾਂ ਦੇ ਸਭ ਤੋਂ ਛੋਟੇ ਭਰਾ ਅਤੇ ਮਾਂ ਪਿਓ ਦਾ ਇਸ ਵਕਤ ਬੁਰਾ ਹਾਲ ਹੈ। ਪਰ ਇਸ ਅਣਚਾਹੇ ਹਾਦਸੇ ਵਿੱਚ ਉਸਦਾ ਖੁਦ ਨੂੰ ਸੰਭਾਲਣਾ ਵੀ ਮੁਸ਼ਕਿਲ ਹੋ ਰਿਹਾ ਹੈ।
ਜਦਕਿ Clyde ਦੀ Eliston Estate 'ਚ ਪੈਂਦੀ Bernfae Avenue 'ਤੇ ਰਹਿੰਦੇ ਅੰਕੁਰ ਛਾਬੜਾ ਦੇ ਗੁਆਂਢੀ ਅਮਨਦੀਪ ਸਿੰਘ ਨੇ ਦੱਸਿਆ ਕਿ ਹੁਣ ਸੋਗ ਵਿੱਚ ਡੁੱਬੇ ਸਾਰੇ ਪਰਿਵਾਰ ਦਾ ਆਸਰਾ ਬਨਣ ਲਈ ਭਾਈਚਾਰੇ ਦੇ ਲੋਕ ਨਾਲ ਖੜੇ ਹਨ। ਇੱਕ ਡੋਨੇਸ਼ਨ ਪੇਜ ਵੀ ਸ਼ੁਰੂ ਕੀਤਾ ਗਿਆ ਹੈ। ਪਰ ਲਗਾਤਾਰ ਖੁਦ ਨੂੰ ਕੋਸ ਰਹੇ ਅੰਮ੍ਰਿਤਾ ਅਤੇ ਅੰਕੁਰ ਲਈ ਪਰਿਵਾਰ 'ਚੋਂ ਉਠੀਆਂ ਇਕੱਠੀਆਂ ਚਾਰ ਮ੍ਰਿਤਕ ਦੇਹਾਂ ਨੂੰ ਅਲਵਿਦਾ ਕਰਨਾ ਨਾਮੁਮਕਿਨ ਜਿਹਾ ਜਾਪ ਰਿਹਾ।