Brisbane ਸੜਕ ਹਾਦਸੇ ਦਾ ਸ਼ਿਕਾਰ ਹੋਇਆ ਕੌਮਾਂਤਰੀ ਵਿਦਿਆਰਥੀ
ਬ੍ਰਿਸਬੇਨ ਸ਼ਹਿਰ ਦੇ ਦੱਖਣ-ਪੱਛਮੀ ਇਲਾਕੇ Durack ਵਿਖੇ ਇੱਕ ਦਰਦਨਾਕ ਸੜਕ ਹਾਦਸੇ ‘ਚ ਭਾਰਤੀ ਮੂਲ ਦੇ ਨੌਜਵਾਨ ਸਟੂਡੈਂਟ ਸਹਿਜਪ੍ਰੀਤ ਸਿੰਘ ਦੀ ਮੌਤ ਹੋਈ ਹੈ। ਹਾਲੇ ਤਿੰਨ ਮਹੀਨੇ ਪਹਿਲਾਂ ਹੀ ਪਿਓ ਦੇ ਕਰਜ਼ੇ ਦੀ ਮਦਦ ਨਾਲ ਆਸਟ੍ਰੇਲੀਆ ਪਹੁੰਚਿਆ ਸਹਿਜ ਸਿਰਫ਼ 19 ਸਾਲ ਦਾ ਸੀ।
ਪੁਲਿਸ ਜਾਂਚ ਮੁਤਾਬਕ ਮੰਗਲਵਾਰ ਦੁਪਹਿਰ 1.30 ਵਜੇ ਇੱਕ ਟਰੱਕ ਅਤੇ ਮਾਜ਼ਦਾ ਕਾਰ Inala Avenue ਨੇੜੇ ਆਹਮੋ-ਸਾਹਮਣੇ ਟੱਕਰ 'ਚ ਹਾਦਸਾ ਗ੍ਰਸਤ ਹੋ ਗਏ। ਦੋਵੇਂ ਵਾਹਨਾਂ ਦੀ ਆਪਸੀ ਟੱਕਰ ‘ਚ ਮਾਜ਼ਦਾ ਕਾਰ ਪਲਟ ਗਈ ਜਿਸ ਨੂੰ ਸਹਿਜਪ੍ਰੀਤ ਚਲਾ ਰਿਹਾ ਸੀ ਅਤੇ ਮੌਕੇ 'ਤੇ ਹੀ ਪੈਰਾਮੈਡੀਕ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਟਰੱਕ ਦੇ ਡਰਾਈਵਰ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਦੱਸਣਯੋਗ ਹੈ ਕਿ ਸਹਿਜਪ੍ਰੀਤ ਫਰਵਰੀ 2024 ਤੋਂ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ QUT, Kelvin Grove ‘ਚ Nursing ਦੀ ਪੜਾਈ ਕਰ ਰਿਹਾ ਸੀ। ਪਿਛੋਕੜ ਅੰਮ੍ਰਿਤਸਰ ਤੋਂ ਸੀ ਅਤੇ ਉਸਦੇ ਚੰਗੇ ਭਵਿੱਖ ਲਈ ਪਿਤਾ ਨੇ ਕਰਜ਼ਾ ਲੈ ਕੇ ਵਿਦੇਸ਼ ਪੜ੍ਹਨ ਭੇਜਿਆ ਸੀ।
ਬ੍ਰਿਸਬੇਨ ਤੋਂ ਸਮਾਜ ਸੇਵੀ ਮਨਜੀਤ ਬੋਪਾਰਾਏ ਨੇ ਬੀੜਾ ਚੁੱਕਦਿਆਂ ਸਥਾਨਕ ਭਾਈਚਾਰੇ ਦੀ ਮਦਦ ਨਾਲ ਕੁਝ ਪੈਸੇ ਇਕੱਠੇ ਕਰ ਹੁਣ ਮਾਪਿਆਂ ਦੇ ਇਕਲੌਤੇ ਪੁੱਤ ਦੀ ਲਾਸ਼ ਨੂੰ ਭਾਰਤ ਭੇਜਣ ਲਈ ਕੋਸ਼ਿਸ਼ਾਂ ਕੀਤੀਆਂ ਹਨ।