ਪੰਜਾਬੀ ਮੂਲ ਦੀ ਹਰਿੰਦਰ ਕੌਰ ਨੂੰ ਦਿੱਤਾ ਜਾਵੇਗਾ King's Birthday ਮੌਕੇ ਆਸਟ੍ਰੇਲੀਆ ਦਾ ਨਾਗਰਿਕ ਸਨਮਾਨ
ਐਤਵਾਰ ਰਾਤ ਜਦੋਂ ਆਸਟ੍ਰੇਲੀਆ ਦੇ ਗਵਰਨਰ ਜਰਨਲ David Hurley ਦੀ ਤਰਫ਼ੋਂ ਸ਼ਾਹੀ ਗੱਦੀਨਸ਼ੀਨ ਰਾਜਾ ਚਾਰਲਸ ਦੇ ਜਨਮਦਿਨ ਮੌਕੇ ਦਿੱਤੇ ਜਾਣ ਵਾਲੇ ਪੁਰਸਕਾਰਾਂ ਲਈ 737 ਨਾਵਾਂ ਦੀ ਲਿਸਟ ਐਲਾਨੀ ਗਈ, ਤਾਂ ਉਸ ਵਿੱਚ ਇੱਕ ਨਾਮ ਭਾਰਤੀ ਮੂਲ ਦੀ ਹਰਿੰਦਰ ਕੌਰ ਦਾ ਵੀ ਸੀ। ਹਰਿੰਦਰ ਕੌਰ ਨੂੰ ਘਰੇਲੂ ਹਿੰਸਾ ਨਾਲ ਪੀੜਤ ਲੋਕਾਂ ਦੀ ਮਦਦ ਕਰਨ ਅਤੇ ਮਨੁੱਖੀ ਸਹਾਇਤਾ ਲਈ ਸਦਾ ਤਿਆਰ ਰਹਿਣ ਵਾਲੀ ਉਹਨਾਂ ਦੀ ਸੰਸਥਾ Harman Foundation ਦੁਆਰਾ ਕੀਤੇ ਸ਼ਲਾਘਾਯੋਗ ਕਾਰਜਾਂ ਲਈ Medal of the Order of Australia ਯਾਨੀ OAM ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਆਸਟ੍ਰੇਲੀਆ ਵਿੱਚ civilian awards ਕੈਟਾਗਰੀ ਵਿੱਚ Companion of the Order of Australia ਯਾਨੀ AC ਸਭ ਤੋਂ ਉੱਪਰ ਹੁੰਦਾ ਹੈ। ਜੋ ਕਿ ਇਸ ਸਾਲ ਦੋ ਸਾਬਕਾ ਪ੍ਰੀਮੀਅਰ (ਵਿਕਟੋਰੀਆ ਤੋਂ Daniel Andrews ਅਤੇ ਵੈਸਟਰਨ ਆਸਟ੍ਰੇਲੀਆ ਤੋਂ Mark McGowan) ਨੂੰ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ Officer of the Order of Australia ਯਾਨੀ AO ਦੂਸਰੇ ਨੰਬਰ ਦਾ ਨਾਗਰਿਕ ਸਨਮਾਨ ਹੁੰਦਾ ਹੈ। ਇਸ ਮਗਰੋਂ Member of the Order of Australia (AM) ਅਤੇ Medal of the Order of Australia ਯਾਨੀ OAM ਦਿੱਤੇ ਜਾਂਦੇ ਹਨ।
ਸਾਲ 2012 'ਚ ਆਪਣੇ ਬੇਟੇ ਹਰਮਨਪ੍ਰੀਤ ਸਿੰਘ ਨੂੰ ਸੜਕੀ ਹਾਦਸੇ ਵਿਚ ਗੁਆਉਣ ਤੋਂ ਬਾਅਦ ਹਰਿੰਦਰ ਕੌਰ ਨੇ ਆਪਣੇ ਪਤੀ ਮਨਿੰਦਰ ਸਿੰਘ ਨਾਲ ਰਲ ਕੇ ਇਹ ਸੰਸਥਾ ਖੋਲੀ। ਰੇਡੀਓ ਹਾਂਜੀ ਨਾਲ ਅੱਜ ਸਵੇਰੇ ਆਪਣੀ ਪ੍ਰਾਪਤੀ ਮਗਰੋਂ ਗੱਲ ਕਰਦਿਆਂ ਹਰਿੰਦਰ ਕੌਰ ਨੇ ਦੱਸਿਆ ਕਿ ਹੁਣ ਤੱਕ ਉਹ 20,000 ਤੋਂ ਜਿਆਦਾ food hampers ਰਾਹੀਂ ਲੋੜਵੰਦਾਂ ਦੀ ਮਦਦ ਕਰ ਚੁੱਕੇ ਹਨ ਅਤੇ 500 ਤੋਂ ਵਧੇਰੇ ਪਰਿਵਾਰਕ ਅਤੇ ਘਰੇਲੂ ਹਿੰਸਾ ਦੇ ਪੀੜਤਾਂ ਨੂੰ ਮਦਦ ਦੇ ਚੁੱਕੇ ਹਨ।
ਹਰਿੰਦਰ ਕੌਰ ਮੁਤਾਬਕ ਉਹਨਾਂ ਦੀ ਸੰਸਥਾ ਹੁਣ ਤਕ $7.3 ਮਿਲੀਅਨ ਡਾਲਰ ਤੱਕ ਦੀ ਮਦਦ ਉਹ ਆਪਣੀ ਅਲੱਗ ਅਲੱਗ ਸੇਵਾਵਾਂ ਦੇ ਜ਼ਰੀਏ ਆਸਟ੍ਰੇਲੀਆ ਵਿੱਚ ਦੇ ਚੁੱਕੇ ਹਨ। ਹਾਲਾਂਕਿ ਇਹਨਾਂ ਦੀ ਸੰਸਥਾ ਪੂਰੀ ਤਰ੍ਹਾਂ ਨਾਲ ਕਿਸੇ ਸਰਕਾਰੀ funding ਤੋਂ ਬਿਨਾਂ ਅਤੇ ਕੇਵਲ ਭਾਈਚਾਰੇ ਦੇ ਸਹਿਯੋਗ ਨਾਲ ਚੱਲ ਰਹੀ ਹੈ।