ਚਾਰ ਸਾਲ ਬਾਅਦ ਮਾਪਿਆਂ ਨੂੰ ਮਿਲਣ ਜਾ ਰਹੀ ਸੀ ਧੀਅ, ਹੁਣ ਬੁੱਢੀਆਂ ਅੱਖਾਂ ਉਡੀਕ ਰਹੀਆਂ ਨੇ ਜਵਾਨ ਧੀ ਦੀ ਲਾਸ਼
ਮਨਪ੍ਰੀਤ ਕੌਰ ਪੰਜਾਬ ਦੇ ਜਿਲ੍ਹਾ ਮਾਨਸਾ ਦੇ ਪਿੰਡ ਧਰਮਪੁਰਾ ਤੋਂ 8 ਮਾਰਚ 2020 ਨੂੰ ਜਦੋਂ ਜਹਾਜ ਚੜ੍ਹ ਕੇ ਆਸਟ੍ਰੇਲੀਆ ਆਈ ਸੀ, ਤਾਂ ਉਸਦੇ ਪਰਿਵਾਰ ਨੇ ਸੋਚਿਆ ਵੀ ਨਹੀਂ ਸੀ, ਕਿ ਅਗਲੀ ਵਾਰ ਉਹਨਾਂ ਦੀ ਧੀ ਜਹਾਜ ਦਾ ਸਫਰ ਵੀ ਨਹੀਂ ਕਰ ਸਕੇਗੀ।
ਮੈਲਬੌਰਨ 'ਚ ਵਿਦਿਆਰਥੀ ਵੀਜ਼ਾ 'ਤੇ ਰਹਿ ਰਹੀ 24 ਸਾਲਾਂ ਮਨਪ੍ਰੀਤ ਦੇ ਪਿੰਡ ਵਾਸੀ ਤੇ ਮੈਲਬੌਰਨ ਦੇ ਹੀ ਵਸਨੀਕ ਗੁਰਦੀਪ ਗਰੇਵਾਲ ਨੇ ਰੇਡੀਓ ਹਾਂਜੀ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ 20 ਜੂਨ ਨੂੰ ਮਨਪ੍ਰੀਤ Qantas ਦੀ ਫਲਾਇਟ ਫੜ ਕੇ ਨਵੀਂ ਦਿੱਲੀ ਏਅਰਪੋਰਟ 'ਤੇ ਜਾਣ ਲਈ ਹੀ ਜਹਾਜ ਚੜ੍ਹੀ ਸੀ, ਕਿ ਇਹ ਹਾਦਸਾ ਵਾਪਰ ਗਿਆ। Tullamarine ਹਵਾਈ ਅੱਡੇ 'ਤੇ ਜਹਾਜ ਹਾਲੇ exit window ਨਾਲ ਜੁੜਿਆ ਹੋਇਆ ਸੀ, take off ਤੋਂ ਠੀਕ ਪਹਿਲਾਂ, ਜਹਾਜ 'ਚ ਬੈਠਦਿਆਂ ਸਾਰ ਮਨਪ੍ਰੀਤ ਥੱਲੇ ਡਿੱਗ ਪਈ।
ਇਸ ਤੋਂ ਪਹਿਲਾਂ ਉਸਦਾ ਇਲਾਜ ਕੀਤਾ ਜਾਂਦਾ, ਹਵਾਈ ਅੱਡਾ paramedic ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। Coroner ਵੱਲੋਂ ਪੜਤਾਲ ਕੀਤੀ ਜਾ ਰਹੀ ਹੈ, ਪਰ ਮੁੱਢਲੇ ਕਾਰਨਾਂ 'ਚ ਉਸਨੂੰ tuberculosis ਦੱਸਿਆ ਜਾ ਰਿਹਾ ਹੈ। ਗੁਰਦੀਪ ਅਨੁਸਾਰ ਮਨਪ੍ਰੀਤ ਪਿਛਲੇ ਕੁਝ ਮਹੀਨਿਆਂ ਤੋਂ ਬੀਮਾਰ ਚੱਲ ਰਹੀ ਸੀ। ਕੇਵਲ ਲੰਘੇ 6 ਮਹੀਨਿਆਂ ਵਿਚ ਹੀ ਉਸਦਾ 20 ਕਿਲੋ ਤੋਂ ਵਧੇਰੇ ਵਜਨ ਘੱਟ ਗਿਆ ਸੀ।
ਬਕੌਲ ਗੁਰਦੀਪ "ਇਲਾਜ ਕਰਾਉਣ ਦੇ ਮਕਸਦ ਨਾਲ ਅਤੇ ਨਾਲ ਹੀ 4 ਸਾਲਾਂ ਬਾਅਦ ਮਾਪਿਆਂ ਨੂੰ, ਪਰਿਵਾਰ ਨੂੰ ਮਿਲਣ ਬਾਰੇ ਸੋਚ ਕੇ ਉਹ ਇੰਡੀਆ ਜਾਣ ਨੂੰ ਤਿਆਰ ਹੋਈ ਸੀ। ਹੁਣ ਅਸੀਂ ਫੰਡ ਪੇਜ ਰਾਹੀਂ ਪੈਸੇ ਤਾਂ ਇਕੱਠਾ ਕਰ ਲਏ ਹਨ, ਪਰ ਮ੍ਰਿਤਕ ਦੇਹ ਭਾਰਤ ਭੇਜਣ ਲਈ ਮੁਸ਼ਕਲਾਂ ਆ ਰਹੀਆਂ ਹਨ"।