ਆਸਟ੍ਰੇਲੀਆ ਨੇ ਯੂਕ੍ਰੇਨ ਲਈ ਖਜ਼ਾਨੇ ਦਾ ਮੂੰਹ ਖੋਲ੍ਹਿਆ
ਕਰਜ਼ੇ ਦੀ ਮਾਰ ਝੱਲ ਰਹੇ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਸੂਬਿਆਂ ਨੂੰ ਆਪਣੇ ਹੱਕਾਂ ਲਈ ਹੋਰ ਸੰਘਰਸ਼ ਕਰਨਾ ਪਵੇਗਾ। ਕਿਉਂਕਿ ਫੈਡਰਲ ਸਰਕਾਰ ਦਾ ਧਿਆਨ ਦੇਸ਼ ਵਿੱਚ ਨਹੀਂ ਬਲਕਿ ਬਾਹਰ ਲੱਗੀ ਦੋ ਦੇਸ਼ਾਂ ਦੀ ਜੰਗ 'ਤੇ ਹੈ।
ਵਾਸ਼ਿੰਗਟਨ ਵਿਖੇ ਚੱਲ ਰਹੀ ਨਾਟੋ ਮੁਲਕਾਂ ਦੀ ਬੈਠਕ ਵਿੱਚ ਹੋਰਨਾਂ ਯੂਰਪੀ ਅਤੇ ਅਮਰੀਕੀ ਦੇਸ਼ਾਂ ਦੇ ਨਾਲ ਨਾਲ ਆਸਟ੍ਰੇਲੀਆ ਨੇ ਵੀ ਯੂਕ੍ਰੇਨ ਨੂੰ ਖੁੱਲ੍ਹੇ ਗੱਫੇ ਵੰਡੇ ਹਨ। ਆਸਟ੍ਰੇਲੀਆ ਨੇ ਤਾਜ਼ਾ ਫ਼ੈਸਲੇ ਤਹਿਤ ਯੂਕ੍ਰੇਨ ਨੂੰ $250 ਮਿਲੀਅਨ ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇੱਕੋ ਵਾਰ ਵਿੱਚ ਕਿਸੇ ਦੂਸਰੇ ਦੇਸ਼ ਨੂੰ ਵੰਡੀ ਗਈ ਆਸਟ੍ਰੇਲੀਆ ਦੇ ਇਤਿਹਾਸ ਦੀ ਇਹ ਸਭ ਤੋਂ ਵੱਡੀ ਗ੍ਰਾਂਟ ਹੈ। ਇਸ ਤੋਂ ਪਹਿਲਾਂ ਵੀ ਕਈ ਮੌਕਿਆਂ 'ਤੇ ਆਸਟ੍ਰੇਲੀਆ ਨੇ ਯੂਕ੍ਰੇਨ ਨੂੰ ਵਿੱਤੀ ਅਤੇ ਫੌਜੀ ਮਦਦ ਦਿੱਤੀ ਹੈ। ਹੁਣ ਤੱਕ ਕੁੱਲ $1.3 ਬਿਲੀਅਨ ਡਾਲਰ ਰੂਸ ਖਿਲਾਫ਼ ਜੰਗ ਲੜਨ ਲਈ ਯੂਕਰੇਨ ਨੂੰ ਦਿੱਤਾ ਜਾ ਚੁੱਕਾ ਹੈ।
ਦੱਸ ਦਈਏ ਕਿ ਦੂਸਰੇ ਪਾਸੇ ਵਿਕਟੋਰੀਆ ਸੂਬੇ ਸਿਰ ਸਾਲ 2027-28 ਤੱਕ $226 ਬਿਲੀਅਨ ਡਾਲਰ ਦਾ ਘਰੇਲੂ ਕਰਜ਼ ਚੜ੍ਹ ਜਾਵੇਗਾ। ਜਦਕਿ NSW ਸਿਰ $221 ਬਿਲੀਅਨ ਡਾਲਰ ਦਾ ਕਰਜ਼ ਹੋਵੇਗਾ।